Chabbewal Mahilpur
 

Call Us at: (647) 284-1966

Email: info@chabbewal-mahilpur.com

 
 

14ਵੀਂ ਚੱਬੇਵਾਲ-ਮਾਹਿਲਪੁਰ ਨਾਈਟ ਬੇਹੱਦ ਸਫਲ ਰਹੀ

ਟੌਰਾਂਟੋ (ਜੰਜੂਆ) – ਆਪਸੀ ਸਾਂਝ, ਪਿਆਰ ਮਹੁੱਬਤ ਅਤੇ ਅਪਣੱਤ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਲਈ ਚੱਬੇਵਾਲ ਅਤੇ ਮਾਹਿਲਪੁਰ ਏਰੀਏ ਨਾਲ ਸਬੰਧਤ ਪਰਿਵਾਰਾਂ ਨੇ ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ 9 ਮਈ ਨੂੰ ਮੂਨਲਾਈਟ ਬੈਂਕੁਅਟ ਹਾਲ, ਮਿਸੀਸਾਗਾ ਵਿਖੇ ਚੱਬੇਵਾਲ-ਮਾਹਿਲਪੁਰ ਏਰੀਆ ਐਸੋਸ਼ੀਏਸ਼ਨ ਦੇ ਬੈਨਰ ਥੱਲ੍ਹੇ 14ਵੀਂ ਸਾਲਾਨਾ ਨਾਈਟ ਦਾ ਆਯੋਜ਼ਨ ਕੀਤਾ।

ਨਾਈਟ ਦੀ ਸ਼ੁਰੂਆਤ ਠੀਕ ਅੱਠ ਵਜੇ ਕੈਨੇਡੀਅਨ ਨੈਸ਼ਨਲ ਐਨਥਮ ‘ਓ ਕੈਨੇਡਾ’ ਦੇ ਗਾਇਨ ਨਾਲ ਹੋਈ। ਸਟੇਜ ਸਕੱਤਰ ਦੀ ਸੇਵਾ ਸ: ਕੁਲਜੀਤ ਸਿੰਘ ਜੰਜੂਆ ਅਤੇ ਤਰਨਜੀਤ ਸਿੰਘ ਗੋਗਾ ਗਹੂਨੀਆਂ ਨੇ ਸਾਂਝੇ ਤੌਰ ਤੇ ਨਿਭਾਈ। ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਕੁਲਜੀਤ ਸਿੰਘ ਜੰਜੂਆ ਨੇ ਚੱਬੇਵਾਲ-ਮਾਹਿਲਪੁਰ ਏਰੀਆ ਐਸੋਸ਼ੀਏਸ਼ਨ ਦੇ ਚੇਅਰਮੈਨ ਜਥੇਦਾਰ ਅਵਤਾਰ ਸਿੰਘ ਬੈਂਸ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ। ਜਥੇਦਾਰ ਬੈਂਸ ਨੇ ਇਸ ਨਾਈਟ ਵਿਚ ਆਪਣੀ ਹਾਜਰੀ ਨਾਲ ਰੰਗਤ ਭਰਨ ਵਾਲੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਅਤੇ ਆਸ ਕੀਤੀ ਕਿ ਉਹਨਾਂ ਦੀ ਹਾਜ਼ਰੀ ਸਦਕਾ ਇਹ ਨਾਈਟ ਬਹੁਤ ਜ਼ਿਆਦਾ ਸਫਲ ਅਤੇ ਰੌਣਕ ਵਾਲੀ ਰਹੇਗੀ।

ਇਸ ਨਾਈਟ ਨੂੰ ਆਪਣੀ ਹਾਜਰੀ ਨਾਲ ਮੋਹ ਦਾ ਚਾਨਣ ਤਰੌਂਕਾ ਦੇਣ ਵਾਲਿਆਂ ਵਿੱਚ ਮਾਰਖ਼ਮ-ਯੂਨੀਅਨਵਿਲ ਤੋਂ ਲਿਬਰਲ ਐਮ ਪੀ ਜਾਹਨ ਮਕੱਲਮ, ਬਰੈਂਪਟਨ ਸਿਟੀ ਦੇ ਵਾਰਡ ਨੰਬਰ 9 ਅਤੇ 10 ਤੋਂ ਸਿਟੀ ਕੌਸਲਰ ਗੁਰਪ੍ਰੀਤ ਢਿੱਲੋਂ, ਅੰਕਲ ਦੁੱਗਲ, ਅਕਾਲ ਮੌਰਟਗੇਜ਼ਜ਼ ਤੋਂ ਮੋਹਿੰਦਰ ਪਾਲ ਸਿੰਘ, ਵਕੀਲ ਸੁਖਵਿੰਦਰ ਸਿੰਘ ਜੰਜੂਆ, ਇਨਸ਼ੋਰੈਂਸ ਬਰੋਕਰ ਪਿਆਰਾ ਸਿੰਘ ਕੁੱਦੋਵਾਲ, ਰੋਡ ਨਿਊਜ਼ ਰੰਗੋਲੀ ਰੇਡੀਉ ਤੋਂ ਅਮਨ ਪਰਮਾਰ ਅਤੇ ਉਂਕਾਰ ਜਸਵਾਲ, ਰੇਡੀਉ ਸਰਗਮ ਤੋਂ ਸੰਦੀਪ ਕੌਰ, ਵੱਖ-ਵੱਖ ਸਾਹਿਤਕ, ਖੇਡ ਅਤੇ ਸੱਭਿਆਚਾਰਕ ਜਥੇਬੰਦੀਆਂ ਅਤੇ ਗੁਰੁ ਘਰਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਸਲੇਵ ਲੇਕ (ਅਲਬਰਟਾ) ਵਿਸ਼ੇਸ਼ ਤੋਰ ਤੇ ਪਹੁੰਚੇ। ਐਸੋਸ਼ੀਏਸ਼ਨ ਵਲੋਂ ਇਨ੍ਹਾਂ ਸਾਰੇ ਹੀ ਮਹਿਮਾਨਾਂ ਦਾ ਨਾਈਟ ‘ਚ ਸ਼ਿਰਕਤ ਕਰਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਵਲੋਂ ਨਾਈਟ ਨੂੰ ਨੇਪਰੇ ਚਾੜ੍ਹਨ ਲਈ ਸਮੂਹ ਸਪਾਂਸਰਜ਼ ਵਲੋਂ ਮਿਲੇ ਸਹਿਯੋਗ ਸਦਕਾ ਉਨ੍ਹਾਂ ਨੂੰ ਵੀ ਪਲੈਕ ਦੇ ਕੇ ਸਨਮਾਨ ਕੀਤਾ ਗਿਆ।

ਕਲਚਰਲ ਪ੍ਰੋਗਰਾਮਾਂ ਦੀ ਕੜੀ ਵਿੱਚ ਨੱਚਦੀ ਜਵਾਨੀ ਗਰੁੱਪ ਦੀਆਂ ਭੰਗੜਾ ਅਤੇ ਗਿੱਧਾ ਟੀਮਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਭੰਗੜੇ ਅਤੇ ਗਿੱਧੇ ਦਾ ਪ੍ਰਦਰਸ਼ਨ ਕੀਤਾ ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਸਲਾਹਿਆ ਗਿਆ। ਬੱਚਿਆਂ, ਔਰਤਾਂ ਅਤੇ ਮਰਦਾਂ ਦੇ ‘ਮਿਊਜ਼ਕ ਚੇਅਰ ਮੁਕਾਬਲੇ’ ਵੀ ਹੋਏ। ‘ਸਿਰਜਨਹਾਰੀ ਜਾਗੋ ਟੀਮ’ ਵਲੋਂ ਪਰਮਜੀਤ ਕੌਰ ਦਿਓਲ ਅਤੇ ਸੁਰਜੀਤ ਕੌਰ ਦੇ ਨਿਰਦੇਸ਼ਨ ‘ਚ ਤਿਆਰ ਕੀਤੀ ਵਿਲੱਖਣ ਪੇਸ਼ਕਾਰੀ ‘ਜਾਗੋ’ ਨੇ ਐਸਾ ਨਜ਼ਾਰਾ ਬੰਨਿਆ ਕਿ ਬੀਬੀਆਂ ਭੈਣਾਂ ਆਪਣੇ ਕਦਮਾਂ ਉਤੇ ਕਾਬੂ ਨਾ ਪਾ ਸਕੀਆਂ ਅਤੇ ਇੱਕਠੀਆ ਹੋ ਪਿੜ ‘ਚ ਆਕੇ ਖ਼ੂਬ ਗਿੱਧਾ ਤੇ ਬੋਲੀਆਂ ਪਾਈਆਂ। ਠੀਕ ਦੱਸ ਵਜੇ ਡਾਂਸ ਫਲੋਰ ਖੋਲ੍ਹ ਦਿੱਤਾ ਗਿਆ ਤੇ ਸਾਰੇ ਮਹਿਮਾਨਾਂ ਨੇ ਨੱਚ-ਨੱਚ ਕੇ ਖੂਬ ਧਮਾਲਾਂ ਪਾਈਆਂ। ਮੂਨਲਾਈਟ ਬੈਂਕੁਅਟ ਹਾਲ ਦੇ ਸਟਾਫ਼ ਵਲੋਂ ਪਰੋਸੇ ਗਏ ਲਜ਼ੀਜ਼ ਖਾਣੇ ਦੇ ਬਿਹਤਰੀਨ ਪ੍ਰਬੰਧ ਵੀ ਨਾਈਟ ਦੀ ਸਫਲਤਾ ਨੂੰ ਚਾਰ ਚੰਨ ਲਾਏ।

ਅੰਤ ਵਿੱਚ ਐਸੋਸ਼ੀਏਸ਼ਨ ਦੇ ਪ੍ਰਧਾਨ ਸ਼ ਮੋਹਣ ਸਿੰਘ ਝੂਟੀ ਨੇ ਸਮੂਹ ਸਪਾਂਸਰਜ਼, ਮੀਡੀਆ ਅਤੇ ਇਸ ਰੰਗਾ-ਰੰਗ ਸੁਹਾਵਣੀ ਸ਼ਾਮ ਵਿਚ ਸ਼ਰੀਕ ਹੋਏ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟ ਕੀਤੀ ਕਿ ਉਹ ਸਾਰੇ ਪ੍ਰਬੰਧਕਾਂ ਨੂੰ ਇਸੇ ਤਰ੍ਹਾਂ ਹੀ ਮਿਲਵਰਤਣ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਰਹਿਣਗੇ ਤਾਂ ਜੋ ਇਸ ਨਾਈਟ ਨੂੰ ਅੱਗੇ ਤੋਂ ਹੋਰ ਵੀ ਚੰਗੇਰਾ ਬਣਾਇਆ ਜਾ ਸਕੇ। ਕੁਲ ਮਿਲਾ ਕੇ ਇਹ ਸ਼ਾਮ ਇੱਕ ਯਾਦਗਰੀ ਸ਼ਾਮ ਹੋ ਨਿਬੜੀ।

 

ਫੌਜਾ ਸਿੰਘ ਦੌੜਾਕ ਨੌਜਵਾਨਾਂ ਲਈ ਪ੍ਰੇਰਣਾ ਸਰੋਤ…

ਟੋਰਾਂਟੋ (ਜੰਜੂਆ) – ਉਮਰ ਦੇ 100 ਸਾਲ ਪੂਰੇ ਕਰ ਚੁੱਕੇ, 1 ਅਪ੍ਰੈਲ 1911 ਨੂੰ ਪਿਤਾ ਸ: ਮਿਹਰ ਸਿੰਘ ਅਤੇ ਮਾਤਾ ਭਾਗੋ ਦੇ ਘਰ ਪਿੰਡ ਬਿਆਸ ਜਿਲ੍ਹਾ ਜਲੰਧਰ ‘ਚ ਜਨਮੇ ਨੌਜਵਾਨ ਦੌੜਾਕ ਫੌਜਾ ਸਿੰਘ ਆਉਣ ਵਾਲੇ ਐਤਵਾਰ ਨੂੰ ਸਕੋਸ਼ੀਆਬੈਂਕ ਵਲੌਂ ਅਯੋਜ਼ਤ “ਸਕੋਸ਼ੀਆਬੈਂਕ ਟੋਰਾਂਟੋ ਵਾਟਰਫਰੰਟ ਮੈਰਾਥਨ” ਦੌੜ ਵਿੱਚ ਹਿੱਸਾ ਲੈਣ ਆ ਰਹੇ ਹਨ। ਫੌਜਾ ਸਿੰਘ ਜਿਨ੍ਹਾਂ ਨੇ 81 ਸਾਲ ਦੀ ਉਮਰ ਵਿਚ ਦੌੜਨਾ ਸ਼ੁਰੂ ਕੀਤਾ ਸੀ ਨੇ 89 ਸਾਲ ਦੀ ਉਮਰ ਵਿਚ ਯੂ.ਕੇ. ਦੀ ਨੈਸ਼ਨਲ ਖੇਡ ਮੈਰਾਥਨ ਤੋਂ ਲੈ ਕੇ ਹੁਣ ਤੱਕ ਕਈ ਦੌੜਾਂ ਵਿਚ ਹਿੱਸਾ ਲੈ ਕੇ ਅਨੇਕਾਂ ਮੈਡਲ ਜਿੱਤੇ ਹਨ। ਉਹ ਐਡੀਡਾਸ ਕੰਪਨੀ ਵਲੋਂ ਖੇਡਾਂ ਲਈ ਪਹਿਨੇ ਜਾਣ ਵਾਲੇ ਕਪੜਿਆ ਦੇ ਬ੍ਰਾਂਡ ਐਮਬੈਸਡਰ ਵੀ ਹਨ।

 

ਆਨੰਦ ਮੈਰਿਜ ਐਕਟ ਤੇ ਧਾਰਾ 25 ਵਿੱਚ ਸੋਧ ਦੀ ਜ਼ਰੂਰਤ ਕਿਉਂ?

ਸਿੱਖ ਕੌਮ ਬੜੇ ਚਿਰ ਤੋਂ ਸੰਸਦ ਵਿੱਚ ਇੱਕ ਹੱਕੀ ਮੰਗ ਨੂੰ ਪ੍ਰਵਾਨ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ। ਜਦੋਂ ਇਸ ਮੰਗ ਦਾ ਆਮ ਆਦਮੀ ਅੰਦਾਜ਼ਾ ਲਾਵੇਗਾ ਤਾਂ ਉਹ ਹੈਰਾਨ ਹੋਵੇਗਾ ਕਿ ਇੰਨੀ ਸਾਧਾਰਨ ਮੰਗ ਲਈ ਇੱਕ ਘੱਟ ਗਿਣਤੀ ਕੌਮ ਐਨੇ ਸਾਲਾਂ ਤੋਂ ਲਗਾਤਾਰ ਭਾਰਤ ਸਰਕਾਰ ਨੂੰ ਬੇਨਤੀਆਂ ਕਰ ਰਹੀ ਹੈ ਅਤੇ ਕੇਂਦਰੀ ਸਰਕਾਰ ਸਧਾਰਨ ਮੰਗ ਵੀ ਨਹੀਂ ਪ੍ਰਵਾਨ ਕਰ ਰਹੀ। ਇਹ ਮੰਗ ਹੈ ‘ਆਨੰਦ ਮੈਰਿਜ ਐਕਟ ਵਿੱਚ ਕੇਵਲ ਇੱਕ ਰਜਿਸਟਰੇਸ਼ਨ ਦੀ ਮੱਦ ਪਾਉਣੀ’। ਜਦੋਂ ਮੈਂ ਭਾਰਤ ਸਰਕਾਰ ਦੇ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਬਣਿਆ, ਮੈਂ ਹਰ ਘੱਟ ਗਿਣਤੀ ਵਾਲੀ ਪ੍ਰਵਾਨਤ ਕੌਮ ਦੀਆਂ ਮੰਗਾਂ ਦਾ ਅਧਿਐਨ ਕੀਤਾ। ਇਸ ਤੋਂ ਇਹ ਤੱਥ ਸਾਹਮਣੇ ਆਇਆ ਕਿ ਕੇਵਲ ਸਿੱਖ ਕੌਮ ਹੀ ਹੈ, ਜਿਸ ਨੂੰ ਭਾਰਤ ਵਿੱਚ ਸਰਕਾਰੀ ਪੱਧਰ ’ਤੇ ਵੱਖਰੇ ਆਜ਼ਾਦ ਧਰਮ ਦੀ ਮਾਨਤਾ ਨਹੀਂ ਦਿੱਤੀ ਗਈ। ਗੁਰੂ ਨਾਨਕ ਦੇਵ ਜੀ ਨੇ 1469 ਈਸਵੀ ਵਿੱਚ ਅਵਤਾਰ ਧਾਰ ਕੇ ਮਾਨਵਤਾ ਨੂੰ ਸੱਚੇ ਮਾਰਗ ’ਤੇ ਚੱਲਣ ਦਾ ਉਪਦੇਸ਼ ਆਰੰਭ ਕੀਤਾ। ਉਨ੍ਹਾਂ ਪਿੱਛੋਂ ਨੌਵੇਂ ਗੁਰੂ ਤੇਗ ਬਹਾਦਰ ਜੀ ਤਕ ਸਾਰੇ ਗੁਰੂ ਸਾਹਿਬਾਨ ਨੇ ਇਸ ਰੱਬੀ ਹੁਕਮ ਦਾ ਪ੍ਰਚਾਰ ਕੀਤਾ। ਲੱਖਾਂ ਲੋਕ ਇਸ ਸੰਦੇਸ਼ ਨੂੰ ਮੰਨ ਕੇ ਸਿੱਖ ਬਣ ਗਏ। ਫਿਰ 1699 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਥਾਪਨਾ ਕਰਕੇ ਪੂਰੇ ਨਿਯਮ ਬਣਾ ਦਿੱਤੇ। ਇਹ ਇਤਿਹਾਸਕ ਤੱਥ ਸਾਰੇ ਵਿਸ਼ਵ ਨੇ ਸਵੀਕਾਰ ਕੀਤੇ। ਆਜ਼ਾਦੀ ਦੀ ਲਹਿਰ ਵਿੱਚ ਕਾਂਗਰਸ ਪਾਰਟੀ ਨੇ ਸਿੱਖਾਂ ਨੂੰ ਵਚਨ ਦਿੱਤਾ ਸੀ ਕਿ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਸਿੱਖਾਂ ਨੂੰ ਇੱਕ ਵੱਖਰਾ ਖਿੱਤਾ ਮਿਲੇਗਾ, ਜਿੱਥੇ ਉਹ ਆਪਣੇ ਰੀਤੀ-ਰਿਵਾਜ਼ਾਂ ਅਨੁਸਾਰ ਆਜ਼ਾਦੀ ਮਾਣ ਸਕਣਗੇ। ਅੰਗਰੇਜ਼ਾਂ ਦੀ ਪੇਸ਼ਕਸ਼ ਸੀ ਕਿ ਸਿੱਖ ਪਾਕਿਸਤਾਨ ਨਾਲ ਰਹਿਣ ਪਰ ਅਸੀਂ ਠੁਕਰਾ ਦਿੱਤੀ ਸੀ। ਵੱਡੀ ਕੁਰਬਾਨੀ ਦੇ ਕੇ 1947 ਨੂੰ ਭਾਰਤ ਨਾਲ ਅਟੁੱਟ ਸਾਂਝ ਪਾਈ ਪਰ ਅਫ਼ਸੋਸ ਹੈ ਕਿ ਭਾਰਤ ਸਰਕਾਰ ਨੇ ਸਾਰੇ ਕੀਤੇ ਵਾਅਦੇ ਭੁਲਾ ਦਿੱਤੇ। ਜਦ 1950 ਵਿੱਚ ਨਵਾਂ ਸੰਵਿਧਾਨ ਬਣਿਆ ਤਾਂ ਸਿੱਖਾਂ ਨੂੰ ਕੋਈ ਵਿਸ਼ੇਸ਼ ਅਧਿਕਾਰ ਤਾਂ ਕੀ ਦੇਣੇ ਸਨ, ਉਨ੍ਹਾਂ ਨੂੰ ਵੱਖਰਾ ਧਰਮ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ। ਧਾਰਾ 25 ਵਿੱਚ ਸਿੱਖਾਂ ਨੂੰ ਹਿੰਦੂ ਧਰਮ ਦਾ ਇੱਕ ਅੰਗ ਮੰਨਿਆ ਗਿਆ, ਜੋ ਅੱਜ ਤਕ ਕਾਇਮ ਹੈ। ਇਸ ਕਾਨੂੰਨ ਵਿੱਚ ਸੋਧ ਕਰਨ ਲਈ ਭਾਰਤ ਸਰਕਾਰ ਦੀ ਬਣਾਈ ਗਈ ਕਮੇਟੀ ਦੇ ਸਾਹਮਣੇ ਮੈਂ ਪੇਸ਼ ਹੋ ਕੇ ਉਨ੍ਹਾਂ ਤੋਂ ਤਰਮੀਮ ਕਰਨ ਦੀ ਸਿਫ਼ਾਰਸ਼ ਕਰਵਾ ਲਈ ਪਰ ਅੱਜ ਤਕ ਉਸ ਕਮੇਟੀ ਦੀ ਰਿਪੋਰਟ ’ਤੇ ਅਮਲ ਕਰਨ ਤੋਂ ਸਰਕਾਰ ਮੁਨਕਰ ਹੈ। ਮੈਂ ਜਦ 2004 ਵਿੱਚ ਪਾਰਲੀਮੈਂਟ ਦਾ ਮੈਂਬਰ ਬਣਿਆ ਤਾਂ ਆਪਣੇ ਵੱਲੋਂ ਧਾਰਾ 25 ਵਿੱਚ ਸੋਧ ਕਰਨ ਦਾ ਮਤਾ ਪਾ ਦਿੱਤਾ। ਛੇ ਸਾਲ ਵਿੱਚ ਕਈ ਵਾਰੀ ਇਹ ਮਤਾ ਹਾਊਸ ਵਿੱਚ ਆਇਆ ਪਰ ਕੁਝ ਨਾ ਕੁਝ ਕਾਰਨਾਂ ਕਰਕੇ ਪੇਸ਼ ਨਾ ਹੋ ਸਕਿਆ। ਭਾਰਤ ਸਰਕਾਰ ਦੇ ਘੱਟ ਗਿਣਤੀ ਦੇ ਮਹਿਕਮੇ ਦੇ ਮੰਤਰੀ ਸ੍ਰੀ ਅੰਤੁਲੇ ਨੇ ਵਿਸ਼ਵਾਸ ਦਿੱਤਾ ਕਿ ਉਹ ਆਪ ਇਸ ਬਾਰੇ ਇੱਕ ਸੋਧ ਮਤਾ ਰੱਖਣਗੇ। ਖੈਰ ਅੱਜ ਤਕ ਸਰਕਾਰ ਇਸ ’ਤੇ ਚੁੱਪ ਹੈ ਤੇ ਅਸੀਂ ਵਿਧਾਨਕ ਪੱਖੋਂ ਵੱਖਰਾ ਧਰਮ ਨਹੀਂ ਹਾਂ। ਸੁਪਰੀਮ ਕੋਰਟ ਨੇ ਵੀ ਧਾਰਾ 25 ਨੂੰ ਮੁੱਖ ਰੱਖ ਕੇ ਸਾਨੂੰ ਵੱਖਰਾ ਧਰਮ ਮੰਨਣ ਤੋਂ ਇਨਕਾਰ ਕੀਤਾ ਹੈ। ਧਰਮ ਨਿਰਪੇਖਤਾ ਦਾ ਢਿੰਡੋਰਾ ਪਿੱਟਣ ਵਾਲੇ ਸਿੱਖਾਂ ਦੀ ਹੋਂਦ ਤੋਂ ਮੁਨਕਰ ਹਨ।

ਜਦ ਸੰਸਦ ਵਿੱਚ ਚਰਚਾ ਕੀਤੀ ਗਈ ਕਿ ਆਨੰਦ ਮੈਰਿਜ ਐਕਟ ਵਿੱਚ ਨਿੱਕੀ ਜਿਹੀ ਸੋਧ ਕਰ ਦੇਵੋ ਤਾਂ ਹਰੇਕ ਨੇ ਇਸ ਦੀ ਪ੍ਰੋੜ੍ਹਤਾ ਕੀਤੀ। ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਜਦੋਂ ਭਾਰਤ ਦੇ ਕਾਨੂੰਨ ਮੰਤਰੀ ਨੂੰ ਚਿੱਠੀ ਲਿਖੀ ਕਿ ਸਿੱਖਾਂ ਲਈ ਵੱਖਰਾ ਮੈਰਿਜ ਐਕਟ ਬਣਾਇਆ ਜਾਵੇ ਤਾਂ ਜਵਾਬ ਮਿਲਿਆ ਕਿ 1909 ਵਿੱਚ ਸਿੱਖਾਂ ਲਈ ਭਾਰਤ ਦੀ ਤਤਕਾਲੀਨ ਪਾਰਲੀਮੈਂਟ ਨੇ ਆਨੰਦ ਮੈਰਿਜ ਐਕਟ ਪ੍ਰਵਾਨ ਕਰ ਦਿੱਤਾ ਸੀ। ਇਹ ਕਾਮਯਾਬੀ ਮਹਾਰਾਜਾ ਨਾਭਾ ਸ. ਰਿਪੁਦਮਨ ਸਿੰਘ ਦੀ ਹਿੰਮਤ ਨਾਲ ਮਿਲੀ ਸੀ। ਮੈਨੂੰ ਇਹ ਸਰਕਾਰ ਨੇ ਲਿਖ ਕੇ ਦਿੱਤਾ ਕਿ ਇਹ ਐਕਟ ਹੁਣ ਵੀ ਭਾਰਤ ਵਿੱਚ ਲਾਗੂ ਹੈ। ਇਸ ਅਨੁਸਾਰ ਸਿੱਖ ਵਿਆਹ ਕਰਵਾ ਸਕਦੇ ਹਨ ਤੇ ਪ੍ਰਵਾਨਿਤ ਹਨ ਪਰ ਜਦ ਇਸ ਦੀ ਘੋਖ ਕੀਤੀ ਤਾਂ ਵੇਖਿਆ ਕਿ ਇਸ ਐਕਟ ਵਿੱਚ ਕਿਧਰੇ ਇਹ ਦਰਜ ਨਹੀਂ ਕਿ ਜੋ ਵਿਆਹ (ਆਨੰਦ ਕਾਰਜ) ਇਸ ਐਕਟ ਅਨੁਸਾਰ ਹੋਵੇਗਾ ਉਹ ਸਰਕਾਰੀ ਦਫ਼ਤਰ ਵਿੱਚ ਦਰਜ ਹੋਵੇਗਾ ਤੇ ਉਸ ਜੋੜੀ ਨੂੰ ਸਰਟੀਫਿਕੇਟ ਮਿਲੇਗਾ। ਜਵਾਬ ਮਿਲਿਆ ਕਿ ਜੋ ਹਿੰਦੂ ਮੈਰਿਜ ਐਕਟ 1955 ਵਿੱਚ ਲਾਗੂ ਹੋਇਆ ਹੈ ਉਸ ਵਿੱਚ ਸਿੱਖ ਵੀ ਆਉਂਦੇ ਹਨ, ਭਾਵ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਮੰਨਿਆ ਗਿਆ ਹੈ ਕਿਉਂ ਜੋ ਸੰਵਿਧਾਨ ਦੀ ਧਾਰਾ 25 ਵਿੱਚ ਵੀ ਅਸੀਂ ਹਿੰਦੂਆਂ ਦਾ ਹਿੱਸਾ ਹਾਂ ਤੇ ਇਸ ਹਿੰਦੂ ਮੈਰਿਜ ਐਕਟ ਅਨੁਸਾਰ ਹਿੰਦੂ ਹੀ ਹਾਂ। ਸਿੱਖਾਂ ਪ੍ਰਤੀ ਕਿੰਨਾ ਅਨਿਆਂ ਹੈ ਕਿ ਜਿਸ ਕੌਮ ਨੇ ਸਦੀਆਂ ਤੋਂ ਦੇਸ਼ ਤੇ ਧਰਮ ਲਈ ਹਮੇਸ਼ਾਂ ਕੁਰਬਾਨੀ ਕੀਤੀ ਹੋਵੇ, ਜਿਸ ਨੂੰ ਅੰਗਰੇਜ਼ ਸਰਕਾਰ ਨੇ ਪੂਰਾ ਵੱਖਰਾ ਧਰਮ ਦਾ ਦਰਜਾ ਦਿੱਤਾ ਸੀ, ਉਸ ਦਾ ਆਪਣੇ ਦੇਸ਼ ਵਿੱਚ ਇੰਨਾ ਨਿਰਾਦਰ ਕੀਤਾ ਜਾ ਰਿਹਾ ਹੈ। ਸਾਡੀ ਬਦਕਿਸਮਤੀ ਹੈ ਕਿ ਇਸ ਘਾਟ ਨੂੰ ਸਾਡੇ ਲੀਡਰ ਚੁੱਪ ਕਰਕੇ ਬਰਦਾਸ਼ਤ ਕਰਦੇ ਰਹੇ। ਇੱਕ ਵਾਰੀ ਅਕਾਲੀ ਦਲ ਨੇ 1983 ਵਿੱਚ ਸੰਵਿਧਾਨ ਦੀ ਧਾਰਾ 25 ਵਿਰੁੱਧ ਆਵਾਜ਼ ਉਠਾਈ ਤੇ ਦਿੱਲੀ ਵਿੱਚ ਸੰਵਿਧਾਨ ਵੀ ਸਾੜਿਆ। ਬਸ ਫਿਰ ਚੁੱਪ। ਸੰਤ ਲੌਂਗੋਵਾਲ ਨੇ ਜਦ 1985 ਵਿੱਚ ਰਾਜੀਵ ਗਾਂਧੀ ਨਾਲ ਸਮਝੌਤਾ ਕੀਤਾ ਉਸ ਵੇਲੇ ਅਸੀਂ ਇਸ ਹੱਕੀ ਮੰਗ ਨੂੰ ਭੁੱਲ ਹੀ ਗਏ। ਕਈ ਵਾਰ ਅਕਾਲੀ ਰਾਜ ਆਇਆ, ਕਈ ਅਕਾਲੀ ਭਾਰਤ ਸਰਕਾਰ ਦੇ ਵਜ਼ੀਰ ਬਣੇ ਪਰ ਚੁੱਪ ਧਾਰ ਕੇ ਬੈਠੇ ਰਹੇ। ਸਭ ਨੂੰ ਪਤਾ ਹੈ ਕਿ ਸੰਵਿਧਾਨ ਦੀ ਤਰਮੀਮ ਕੇਵਲ ਸੰਸਦ ਹੀ ਕਰ ਸਕਦੀ ਹੈ। ਧਾਰਾ 25 ਦੀ ਤਰਮੀਮ ਦਾ ਬਿੱਲ ਪਹਿਲੀ ਵਾਰ ਮੈਂ ਪਾਰਲੀਮੈਂਟ ਵਿੱਚ ਪੇਸ਼ ਕੀਤਾ। ਕਿੰਨੇ ਵੱਡੇ-ਵੱਡੇ ਲੀਡਰ ਕਈ ਵਾਰ ਐੱਮ.ਪੀ. ਬਣੇ ਪਰ ਇਸ ’ਤੇ ਕਾਰਵਾਈ ਨਾ ਕਰ ਸਕੇ।

ਆਨੰਦ ਮੈਰਿਜ ਐਕਟ ਬਾਰੇ ਮੈਂ ਪਾਰਲੀਮੈਂਟ ਵਿੱਚ ਸੋਧ ਕਰਨ ਦੀ ਕਾਰਵਾਈ ਆਰੰਭ ਕੀਤੀ। ਮੈਂ ਸੰਸਦ ਦੀ ਸਥਾਈ ਕਮੇਟੀ ਦਾ ਮੈਂਬਰ ਸੀ। ਮੈਂ ਉੱਥੇ ਇਹ ਤਰਮੀਮ ਪੇਸ਼ ਕੀਤੀ। 12 ਸਿੱਖ ਐੱਮ.ਪੀਜ਼. ਦੇ ਦਸਤਖਤ ਕਰਵਾਏ। ਐੱਸ.ਜੀ.ਪੀ.ਸੀ. ਤੋਂ ਮਤਾ ਪਾਸ ਕਰਵਾ ਕੇ ਨਾਲ ਲਗਵਾਇਆ। ਚਾਰ ਦਸੰਬਰ 2007 ਦੀ ਮੀਟਿੰਗ ਵਿੱਚ ਕਾਨੂੰਨ ਮਹਿਕਮੇ ਦੇ ਸਕੱਤਰ ਨੂੰ ਬੁਲਵਾ ਕੇ ਦੋ ਘੰਟੇ ਦੇ ਵਿਚਾਰ-ਵਟਾਂਦਰੇ ਪਿੱਛੋਂ ਸਰਬਸੰਮਤੀ ਨਾਲ ਆਨੰਦ ਮੈਰਿਜ ਵਿੱਚ ਤਰਮੀਮ ਕਰਨ ਦਾ ਮਤਾ ਪਾਸ ਕਰਕੇ ਭਾਰਤ ਸਰਕਾਰ ਨੂੰ ਭੇਜ ਦਿੱਤਾ ਗਿਆ। ਇਸ ਪਿੱਛੋਂ ਸੰਸਦ ਵਿੱਚ ਲਗਾਤਾਰ ਇਸ ਬਾਰੇ ਚਰਚਾ ਕਰਦਾ ਰਿਹਾ। ਦੋ ਵਾਰੀ ਕਾਨੂੰਨ ਮੰਤਰੀ ਹੰਸਰਾਜ ਭਾਰਦਵਾਜ ਅਤੇ ਡਾਕਟਰ ਵੀਰੱਪਾ ਮੋਇਲੀ ਨੇ ਭਰੋਸਾ ਦਿੱਤਾ ਕਿ ਉਹ ਆਉਣ ਵਾਲੇ ਸੈਸ਼ਨ ਵਿੱਚ ਇਹ ਬਿੱਲ ਲੈ ਕੇ ਆਉਣਗੇ। ਲਿਖਤੀ ਰੂਪ ਵਿੱਚ ਵੀ ਮੈਨੂੰ ਭਰੋਸਾ ਮਿਲਿਆ। ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ। ਭਾਰਤ ਸਰਕਾਰ ਦੇ ਮੰਤਰੀ ਡਾ. ਐੱਮ.ਐੱਸ. ਗਿੱਲ ਨੂੰ ਵੀ ਕਿਹਾ ਕਿ ਉਹ ਕੁਝ ਤਾਂ ਕਰਨ ਪਰ ਅਫ਼ਸੋਸ ਕਿ ਸਾਡੇ ਨੁਮਾਇੰਦੇ ਕੌਮ ਦਾ ਸਾਥ ਦੇਣ ਤੋਂ ਘਬਰਾਉਂਦੇ ਹਨ। ਹੁਣ ਨਵੇਂ ਬਣੇ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ 29 ਅਗਸਤ ਨੂੰ ਸ੍ਰੀ ਢੀਂਡਸਾ ਦੇ ਸਵਾਲ ਦੇ ਜਵਾਬ ਵਿੱਚ ਕਹਿ ਦਿੱਤਾ ਕਿ ਭਾਰਤ ਸਰਕਾਰ ਨੇ ਸੋਚ-ਵਿਚਾਰ ਪਿੱਛੋਂ ਆਨੰਦ ਮੈਰਿਜ ਐਕਟ ਦੀ ਇਹ ਮੰਗ ਰੱਦ ਕਰ ਦਿੱਤੀ ਹੈ। ਮੈਂ ਤੁਰੰਤ ਉਸ ਨੂੰ ਲਿਖਿਆ ਕਿ ਜਵਾਬ ਹਾਸੋ-ਹੀਣਾ ਹੈ। ਐਕਟ ਦੀ ਮੰਗ ਤਾਂ ਹੈ ਹੀ ਨਹੀਂ। ਐਕਟ ਤਾਂ ਲਾਗੂ ਪਹਿਲਾਂ ਹੀ ਹੈ ਕੇਵਲ ਦੋ ਲਾਈਨਾਂ ਦਾ ਵਾਧਾ ਕਰਨ ਦੀ ਮੰਗ ਹੈ ਕਿ ਇਹ ਵਿਆਹ ਸਰਕਾਰੀ ਦਫ਼ਤਰ ਵਿੱਚ ਰਜਿਸਟਰ ਹੋਵੇਗਾ। ਸ੍ਰੀ ਖੁਰਸ਼ੀਦ ਘੱਟ ਗਿਣਤੀ ਮਹਿਕਮੇ ਦੇ ਵਜ਼ੀਰ ਵੀ ਹਨ। ਘੱਟ ਤੋਂ ਘੱਟ ਉਹ ਇੱਕ ਘੱਟ ਗਿਣਤੀ ਕੌਮ ਦਾ ਧਿਆਨ ਕਰਕੇ ਹੀ ਇਹ ਫ਼ੈਸਲਾ ਲੈਂਦੇ। ਸਾਰੇ ਸਿੱਖ ਐੱਮ.ਪੀਜ਼. ਨੂੰ ਬੇਨਤੀ ਕੀਤੀ ਹੈ ਕਿ ਉਹ ਇਕੱਠੇ ਹੋ ਕੇ ਵਜ਼ੀਰ ਨੂੰ ਮਿਲਣ ਤੇ ਪ੍ਰਧਾਨ ਮੰਤਰੀ ਜੀ ਨੂੰ ਵੀ ਜ਼ੋਰ ਪਾ ਕੇ ਕਹਿਣ ਕਿ ਉਹ ਇਹ ਨਵਾਂ ਬਿੱਲ ਸੰਸਦ ਤੋਂ ਪਾਸ ਕਰਵਾਉਣ। ਅੰਨਾ ਹਜ਼ਾਰੇ ਨੇ ਸਰਕਾਰ ਨੂੰ ਮਜਬੂਰ ਕਰਕੇ 24 ਘੰਟਿਆਂ ਵਿੱਚ ਆਪਣੀ ਗੱਲ ਮੰਨਵਾ ਲਈ। ਸਾਡੇ ਲੀਡਰ ਵੱਧ ਤੋਂ ਵੱਧ ਅਖ਼ਬਾਰਾਂ ਵਿੱਚ ਬਿਆਨ ਦੇਣ ਤਕ ਨੂੰ ਹੀ ਜਿੱਤ ਸਮਝਦੇ ਹਨ। ਵਿਧਾਨਕ ਕਾਰਵਾਈ ਤੋਂ ਦੂਰ ਜਾਂਦੇ ਹਨ। ਇਹ ਕਿਸੇ ਪਾਰਟੀ ਦਾ ਸਵਾਲ ਨਹੀਂ, ਹਰ ਸਿੱਖ ਦਾ ਹੈ।

ਸਾਡੀਆਂ ਮੰਗਾਂ ਬਹੁਤ ਹਨ ਪਰ ਬੁਨਿਆਦੀ ਹੱਕੀ ਮੰਗ ਹੈ ਕਿ ਧਾਰਾ 25 ਵਿੱਚ ਤਰਮੀਮ ਤੇ ਆਨੰਦ ਮੈਰਿਜ ਐਕਟ ਵਿੱਚ ਰਜਿਸਟਰੇਸ਼ਨ ਮੱਦ ਦਰਜ ਹੋਵੇ। ਅਜਿਹਾ ਕਰਨ ਨਾਲ ਅਸੀਂ ਕਿਸੇ ਦੀ ਵੀ ਵਿਰੋਧਤਾ ਨਹੀਂ ਕਰ ਰਹੇ। ਸਾਰੇ ਧਰਮ ਇਹ ਹੱਕ ਲੈ ਚੁੱਕੇ ਹਨ। ਹਿੰਦੂ, ਮੁਸਲਮਾਨ, ਈਸਾਈ, ਪਾਰਸੀ, ਯਹੂਦੀ, ਸਾਰੇ ਵੱਖਰੇ ਧਰਮ ਦੀ ਮਾਨਤਾ ਰੱਖਦੇ ਹਨ। ਸਾਡਾ ਕੀ ਕਸੂਰ ਹੈ? ਕਿਉਂ ਸਰਕਾਰ ਸਾਡੀ ਮੰਗ ਨੂੰ ਸਵੀਕਾਰ ਨਹੀਂ ਕਰਦੀ?

* ਤਰਲੋਚਨ ਸਿੰਘ ਸੰਪਰਕ: 9868-18113

 

ਪਿੰਡ ਬਬੇਲੀ (ਹੁਸ਼ਿਆਰਪੁਰ) ਦੇ ਲੈਫਟੀਨੈਂਟ ਕਰਨਲ ਹਰਜੀਤ ਸਿੰਘ ਸਾਜਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਬਣੇ ਪਹਿਲੇ ਕਨੇਡਅੀਅਨ ਸਿੱਖ ਰਜਿਮੈਂਟ ਕਮਾਂਡਰ

ਟੋਰਾਂਟੋ (ਜੰਜੂਆ) – ਵਿਸ਼ਵ ਭਰ ‘ਚ ਵਸਦੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੀ ਧਰਤੀ ਉਤੇ ਇੱਕ ਦਸਤਾਰਧਾਰੀ ਸਿੱਖ ਫੌਜੀ ਅਫਸਰ ਲੈਫਟੀਨੈਂਟ ਕਰਨਲ ਹਰਜੀਤ ਸਿੰਘ ਸਾਜਨ ਨੂੰ ਕਨੇਡੀਅਨ ਫੌਜ ਦੀ ਕਿਸੇ ਰੈਜੀਮੈਂਟ ਦੀ ਕਮਾਂਡ ਸੌਂਪੀ ਗਈ ਹੈ। ਵੈਨਕੂਵਰ ਸ਼ਹਿਰ ਵਿੱਚ ਸਥਿਤ ਫੌਜ ਦੇ ਪੱਛਮੀ ਕਮਾਂਡ ਦੇ ਹੈਡਕੁਆਰਟਰ ਦੀ ਗਰਾਊਂਡ ਵਿਚ ਹੋਏ ਇਕ ਸ਼ਾਨਦਾਰ ਫੌਜੀ ਸਮਾਰੋਹ ਦੌਰਾਨ ਲੈਫਟੀਨੈਂਟ ਕਰਨਲ ਬਰੂਪ ਕੈਂਡਨੌਫ ਨੇ ਸਿੱਖ ਲੈਫਟੀਨੈਂਟ ਕਰਨਲ ਹਰਜੀਤ ਸਿੰਘ ਸਾਜਨ ਨੂੰ ਰੈਜੀਮੈਂਟ ਦੀ ਵਾਗਡੋਰ ਸੰਭਾਲੀ। ਮਾਹਿਲਪੁਰ ਦੇ ਨੇੜੇ ਪੈਂਦੇ ਪਿੰਡ ਬਬੇਲੀ ਦੇ ਜੰਮਪਲ ਲੈਫਟੀਨੈਂਟ ਕਰਨਲ ਹਰਜੀਤ ਸਿੰਘ ਸਾਜਨ ਸੰਨ 1972 ਵਿੱਚ ਦੋ ਸਾਲਾਂ ਦੀ ਉਮਰ ਵਿੱਚ ਕੈਨੇਡਾ ਆ ਗਏ ਸਨ। ਵੈਨਕੂਵਰ ਤੋਂ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਹ 1989 ਵਿੱਚ ਕਨੇਡੀਅਨ ਫੌਜ ਅੰਦਰ ਭਰਤੀ ਹੋਏ ਅਤੇ 1991 ਵਿੱਚ ਕਮਿਸ਼ਨ ਹਾਸਲ ਕਰਕੇ ਪਹਿਲੇ ਸਿੱਖ ਕਨੇਡੀਅਨ ਫੌਜੀ ਅਫਸਰ ਬਣੇ। ਲੈਫਟੀਨੈਂਟ ਕਰਨਲ ਸਾਜਨ 1995 ਕੈਪਟਨ ਦੇ ਅਹੁਦੇ ਤੇ ਹੁੰਦਿਆਂ ਬੋਸਨੀਆ ਵਿੱਚ ਅਤੇ ਬਤੌਰ ਮੇਜਰ ਅਮਰੀਕੀ ਫੌਜ ਦੇ ਅਫ਼ਗਾਨਿਸਤਾਨ ਦੀ ਪੱਛਮੀ ਕਮਾਂਡ ਦੇ ਇੰਚਾਰਜ ਮੇਜਰ ਜਨਰਲ ਜੇਮਸ ਟੌਰੀ ਦੇ ਸਹਾਇਕ ਦੇ ਤੌਰ ਤੇ ਡਿਊਟੀ ਨਿਭਾਅ ਚੁੱਕੇ ਹਨ।

 

ਗਿਆਰਵੀਂ ਚੱਬੇਵਾਲ-ਮਾਹਿਲਪੁਰ ਨਾਈਟ 12 ਮਈ ਨੂੰ

ਟਰਾਂਟੋ (ਜੰਜੂਆ) – ਬੀਤੇ ਸ਼ਨੀਵਾਰ ਚੱਬੇਵਾਲ-ਮਾਹਿਲਪੁਰ ਇਲਾਕਾ ਨਾਈਟ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਰਸ਼ਪਾਲ ਸਿੰਘ ਝੂਟੀ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਸਾਲ 2012 ਦੀ ਨਾਈਟ ਮਈ ਮਹੀਨੇ ਦੀ 12 ਤਰੀਕ ਨੂੰ ਮੂਨਲਾਈਟ ਬੈਂਕੁਅਟ ਹਾਲ ਜੋ ਕਿ 6835 ਪ੍ਰੋਫੈਸ਼ਨਲ ਕੋਰਟ ਮਿਸੀਸਾਗਾ ਵਿਖੇ ਸਥਿਤ ਹੈ, ਵਿੱਚ ਕਰਵਾਈ ਜਾਵੇਗੀ। ਕਮੇਟੀ ਦੇ ਅਹੁਦੇਦਾਰਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪ੍ਰੀਵਾਰਾਂ ਸਮੇਤ ਇਸ ਨਾਈਟ ਵਿੱਚ ਹਿੱਸਾ ਲੈਣ ਵਾਸਤੇ ਪਹੁੰਚਣ ਤਾਂ ਜੋ ਇਸ ਨਾਈਟ ਨੂੰ ਇੱਕ ਯਾਦਗਰੀ ਸ਼ਾਮ ਬਣਾਇਆ ਜਾ ਸਕੇ । ਕਮੇਟੀ ਦੇ ਅਹੁਦੇਦਾਰਾਂ ਨੇ ਇਲਾਕਾ ਨਿਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਅਤੇ ਕਿਹਾ ਕਿ ਜੇਕਰ ਕੋਈ ਵਿਆਕਤੀ ਇਸ ਨਾਈਟ ਲਈ ਵਾਲੰਟੀਅਰ ਬਣਨਾ ਚਾਹੁੰਦਾ ਹੈ ਜਾਂ ਵਧੇਰੇ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਹ ਕਮੇਟੀ ਦੇ ਅਹੁਦੇਦਾਰਾਂ ਨਾਲ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ। ਰਸ਼ਪਾਲ ਸਿੰਘ ਝੂਟੀ – 647-284-1966, ਅਵਤਾਰ ਸਿੰਘ ਬਡਿਆਲ – 416-464-2067, ਜਤਿੰਦਰ ਸਿੰਘ ਜਸਵਾਲ – 647-219-6397 ਅਤੇ ਕੁਲਜੀਤ ਸਿੰਘ ਜੰਜੂਆ – 416-473-7283

 

ਓਂਟਾਰੀਓ (ਕੈਨੈਡਾ) ਦੀਆਂ ਸੂਬਾਈ ਚੋਣਾਂ ਵਿਚ ਲਿਬਰਲ ਪਾਰਟੀ ਨੂੰ 53 ਸੀਟਾਂ ਸੀਟਾਂ ਮਿਲੀਆਂ- ਇਕ ਸੀਟ ਕਾਰਨ ਬਹੁਮਤ ਨਾ ਲੈ ਸਕੀ

ਓਂਟਾਰੀਓ (ਕੈਨੈਡਾ) ਦੀਆਂ ਸੂਬਾਈ ਚੋਣਾਂ ਵਿਚ ਲਿਬਰਲ ਪਾਰਟੀ ਫਿਰ ਬਾਜ਼ੀ ਮਾਰ ਗਈ ਪਰ ਇਕ ਸੀਟ ਖੁਣੋਂ ਬਹੁਮਤ ਨਾ ਲੈ ਸਕੀ। ਇਕ ਨੂੰ ਛੱਡ ਕੇ ਤਿੰਨ ਪੁਰਾਣੇ ਪੰਜਾਬੀ ਐਮਪੀ ਵੀ ਆਪਣੀਆਂ ਸੀਟਾਂ ਬਚਾਉਣ ‘ਚ ਕਾਮਯਾਬ ਰਹੇ। ਲਿਬਰਲ ਪਾਰਟੀ ਨੂੰ ਇਸ ਵਾਰ 53 ਸੀਟਾਂ ਮਿਲੀਆਂ ਜਦ ਕਿ ਸੰਪੂਰਨ ਬਹੁਮਤ ਲਈ 54 ਸੀਟਾਂ ਚਾਹੀਦੀਆਂ ਸਨ। ਕੁਲ 107 ਸੀਟਾਂ ਲਈ ਹੋਈ ਚੋਣ ਵਿਚ ਕੰਜ਼ਰਵੇਟਿਵ 37 ਅਤੇ ਐਨਡੀਪੀ ਦੇ ਹੱਥ 17 ਸੀਟਾਂ ਲੱਗੀਆਂ। ਹਾਲਾਂਕਿ ਕੰਜ਼ਰਵੇਟਿਵ ਤੇ ਐਨਡੀਪੀ ਲਿਬਰਲਾਂ ਦੀ ਪਿੱਠ ਨਾ ਲਵਾ ਸਕੇ ਪਰ ਪਿਛਲੀ ਵਾਰ ਨਾਲੋਂ ਚੰਗੀ ਕਾਰਗੁਜ਼ਾਰੀ ਰਹੀ। ਉਹ ਕੁਝ ਸੀਟਾਂ ਤੋੜਣ ਵਿਚ ਸਫ਼ਲ ਹੋਏ ਹਨ । ਪਿਛਲੀ ਵਿਧਾਨ ਸਭਾ ’ਚ’ ਲਿਬਰਲਾਂ ਕੋਲ 70,ਕੰਜ਼ਰਵੇਟਿਵਾਂ ਕੋਲ 27 ਤੇ ਐਨਡੀਪੀ ਕੋਲ 10 ਸੀਟਾਂ ਸਨ।

40ਵੀਂ ਵਿਧਾਨ ਸਭਾ ਲਈ ਹੋਈਆਂ ਚੋਣਾਂ ਵਿਚ 20 ਤੋਂ ਵੱਧ ਖੜ੍ਹੇ ਪੰਜਾਬੀਆਂ ‘’ਚੋਂ ਅੱਧੀ ਦਰਜਨ ਹੀ ਨਿੱਤਰੇ ਹਨ । ਐਨਡੀਪੀ ਦੇ ਜਗਮੀਤ ਸਿੰਘ ਅਤੇ ਲਿਬਰਲਾਂ ਦੀ ਦੀਪਿਕਾ ਦਮਰੇਲਾ ਨੇ ਪਹਿਲੀ ਵਾਰ ਖਾਤੇ ਖੋਲ੍ਹੇ, ਜਦੋਂ ਕਿ ਲਿਬਰਲਾਂ ਦੇ ਹਰਿੰਦਰ ਤੱਖਰ, ਵਿੱਕ ਢਿੱਲੋਂ ਅਤੇ ਬੀਬਾ ਅੰਮ੍ਰਿਤ ਮਾਂਗਟ ਨੇ ਆਪੋ ਆਪਣੇ ਹਲਕਿਆਂ ‘’ਚ ਜਿੱਤ ਦਰਜ ਕੀਤੀ।

ਡਾ.ਕੁਲਦੀਪ ਕੁਲਾਰ (ਲਿਬਰਲ) ਆਪਣੀ ਸੀਟ ਨਾ ਬਚਾ ਸਕੇ ਅਤੇ ਉਹ ਐਨਡੀਪੀ ਦੇ ਜਗਮੀਤ ਸਿੰਘ ਤੋਂ ਹਾਰ ਗਏ। ਜਗਮੀਤ ਸਿੰਘ ਨੇ ਦਿਲਚਸਪ ਮੁਕਾਬਲੇ ‘ਚ ਡਾ. ਕੁਲਾਰ ਅਤੇ ਟੋਰੀ ਸੰਜੀਵ ਮੈਂਗੀ ਨੂੰ ਹਰਾਇਆ। 32 ਸਾਲਾ ਪੇਸ਼ੇਵਰ ਵਕੀਲ ਜਗਮੀਤ ਨੂੰ 16,318, ਡਾ.ਕੁਲਾਰ ਨੂੰ 14,138 ਤੇ ਮੈਂਗੀ ਨੂੰ 9,775 ਵੋਟਾਂ ਪਈਆਂ। ਜਗਮੀਤ ਸਿੰਘ ਨੇ ਪਿਛਲੀ ਵਾਰ ਐਮਪੀ ਦੀ ਚੋਣ ਵੀ ਲੜੀ ਸੀ ਪਰ ਟੋਰੀਆਂ ਦੇ ਬੱਲ ਗੋਸਲ ਤੋਂ ਸਿਰਫ 538 ਵੋਟਾਂ ਨਾਲ ਪਛੜ ਗਿਆ ਸੀ। ਅੰਮ੍ਰਿਤ ਮਾਂਗਟ ਨੇ 15,579 ਵੋਟਾਂ ਨਾਲ ਟੋਰੀ ਅਮਰਜੀਤ ਗਿੱਲ ਤੇ ਐਨਡੀਪੀ ਦੇ ਕਰਨਜੀਤ ਪੰਧੇਰ ਨੂੰ ਹਰਾ ਕੇ ਦੂਜੀ ਵਾਰ ਜਿੱਤ ਹਾਸਲ ਕੀਤੀ। ਵਿੱਕ ਢਿੱਲੋਂ 43 ਫੀਸਦੀ, ਹਰਿੰਦਰ ਤੱਖਰ 45, ਤੇ ਡਾ.ਸ਼ਫੀਕ ਕਾਦਰੀ 48.6 ਫੀਸਦ ਵੋਟਾਂ ਨਾਲ ਤੀਜੀ ਵਾਰ ਚੁਣੇ ਗਏ। ਬਾਕੀ ਹਲਕਿਆਂ ਵਿਚ, ਟੋਰੀਆਂ ਦੇ ਬੀਬਾ ਪੈਮ ਹੁੰਦਲ, ਵਿੱਕ ਗੁਪਤਾ, ਕਰਮ ਸਿੰਘ , ਰੀਟਾ ਜੇਠੀ,,ਐਨਡੀਪੀ ਦੇ ਦਲਬੀਰ ਕਥੂਰੀਆ,ਅੰਜੂ ਸਿੱਕਾ, ਕਰਨਜੀਤ ਪੰਧੇਰ,ਵਰਿੰਦ ਸ਼ਰਮਾ ਨੂੰ ਹਾਰ ਝੱਲਣੀ ਪਈ। ਬਰੈਂਪਟਨ ਸਪਰਿੰਗਡੇਲ ਹਲਕੇ ਤੋਂ ਟੋਰੀ ਉਮੀਦਵਾਰ ਪੈਮ ਹੁੰਦਲ ਬਾਵਜੂਦ ਕੌਂਸਲਰ ਵਿੱਕੀ ਢਿੱਲੋਂ ਦੀ ਹਮਾਇਤ ਦੇ, ਗੋਰੀ ਲਿੰਡਾ ਜੈਫਰੀ ਤੋਂ 3 ਹਜ਼ਾਰ ਵੋਟਾਂ ਪਿੱਛੇ ਰਹਿ ਗਈ । ਵਰਣਨਯੋਗ ਹੈ ਕਿ ਪੈਮ ਹੁੰਦਲ ਤੇ ਕਰਨਜੀਤ ਪੰਧੇਰ ਦੀ ਇਹ ਦੂਜੀ ਹਾਰ ਹੈ। ਪੈਮ ਪਿਛਲੀ ਵਾਰ ਡਾ. ਕੁਲਾਰ ਤੋਂ ਅਤੇ ਪੰਧੇਰ, ਬੀਬਾ ਅੰਮ੍ਰਿਤ ਮਾਂਗਟ ਤੋਂ ਹਾਰ ਗਏ ਸਨ।

 

ਪ੍ਰੋਫੈਸਰ ਪੰਡਿਤਰਾਉ ਧਰੇਨਵਰ – ਪੰਜਾਬੀ ਜਾਨਣ ਵਾਲਿਆਂ ਲਈ ਇੱਕ ਪਰ੍ਰੇਣਾ ਸਰੋਤ

ਗੱਲ ਹੈ ਭਾਵੇਂ ਇਹ ਅਚੰਭੇ ਵਾਲੀ ਹੀ, ਪਰ ਹੈ ਬਿਲਕੁਲ ਸੋਲ੍ਹਾਂ ਆਨੇ ਸੱਚ। ਦੱਖਣੀ ਭਾਰਤ ਦੇ ਕਰਨਾਟਕ ਸੂਬੇ ਦੇ ਪਿੰਡ ਇੰਡੀ ਜਿਲ੍ਹਾ ਬੀਜਾਪੁਰ ਦਾ ਜੰਪ ਪਲ, ਕੰਨੜ ਭਾਸ਼ਾ ਬੋਲਣ ਵਾਲਾ ਨਵੀਂ ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ ਤੋਂ ਐਮ. ਫਿਲ. ਪੜ੍ਹਿਆ ਸਮਾਜ ਸ਼ਾਸਤਰੀ, ਪ੍ਰੋਫੈਸਰ ਪੰਡਿਤਰਾਉ ਧਰੇਨਵਰ ਨਾ ਕੇਵਲ ਸ਼ੁੱਧ ਪੰਜਾਬੀ ਹੀ ਬੋਲਦਾ ਹੈ ਪਰ ਪੰਜਾਬੀ ਵਿੱਚ ਕਈ ਕਿਤਾਬਾਂ ਵੀ ਲਿਖ ਚੁਕਿਆ ਹੈ। ਪੰਜਾਬੀ ਭਾਸ਼ਾ ਬਾਰੇ ਉਨ੍ਹਾਂ ਦਾ ਰੁਝਾਨ ਪੁੱਛੇ ਜਾਣ ਤੇ ਪ੍ਰੋਫੈਸਰ ਪੰਡਿਤਰਾਉ ਨੇ ਕਿਹਾ ਕਿ ਉਸ ਨੂੰ ਪੰਜਾਬੀ ਜਾਨਣ ਦੀ ਲਾਲਸਾ ਅੱਜ ਤੋਂ ਠੀਕ ਸੱਤ ਸਾਲ ਪਹਿਲਾਂ ਪੈਦਾ ਹੋਈ ਜਦੋਂ ਉਹ ਚੰਡੀਗੜ੍ਹ ਦੇ 42 ਸੈਕਟਰ ਸਥਿਤ ਲਡ਼ਕੀਆਂ ਦੇ ਸਰਕਾਰੀ ਕਾਲਜ ਵਿੱਚ ਬਤੌਰ ਸਮਾਜ ਸ਼ਾਸਤਰ ਦੇ ਅਧਿਆਪਕ ਨਿਯੁਕਤ ਹੋਏ ਸਨ। ਉਸ ਵਕਤ ਮੈਂ ਸੋਚਿਆ ਕਿ ਆਪਣੇ ਵਿਦਿਆਰਥੀਆਂ ਦੇ ਨਾਲ ਚੰਗੀ ਤਰ੍ਹਾਂ ਵਿਚਰਣ ਅਤੇ ਤਾਲਮੇਲ ਬਣਾਈ ਰੱਖਣ ਤਹਿਤ ਮੇਰੇ ਲਈ ਪੰਜਾਬੀ ਸਿੱਖਣਾ ਬਹੁਤ ਜਰੂਰੀ ਹੈ।ਬੱਸ ਫਿਰ ਪੰਜਾਬੀ ਸਿੱਖਣ ਦਾ ਇਹ ਮੇਰਾ ਸਫ਼ਰ ਸ਼ੁਰੂ ਹੋ ਗਿਆ। ਪੰਜਾਬੀ ਭਾਸ਼ਾ ਬਾਰੇ ਆਪਣੇ ਅਨੁਭਵ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਜ਼ੁਬਾਨ ਇੱਕ ਬਹੁਤ ਹੀ ਸਰਲ ਭਾਸ਼ਾ ਹੈ ਅਤੇ ਕੋਈ ਵੀ ਵਿਅਕਤੀ ਇਸ ਨੂੰ ਸਹਿਜੇ ਹੀ ਸਿੱਖ ਸਕਦਾ ਹੈ। ਇਸ ਦੀ ਗਵਾਹੀ ਮੇਰੇ ਵਲੋਂ ਇਸ ਭਾਸ਼ਾ ਨੂੰ ਕੁੱਝ ਹੀ ਮਹੀਨੀਆਂ ਦੇ ਅੰਦਰ ਪੂਰਨ ਤੌਰ ਜਾਣ ਲੈਣਾ ਹੈ। ਜਦੋਂ ਦਾ ਮੈ ਪੰਜਾਬੀ ਸਿੱਖਆ ਹਾਂ ਮੈਂ ਪੰਜਾਬੀ ਸੰਸਕ੍ਰਿਤੀ ਅਤੇ ਸਾਹਿਤ ਨੂੰ ਬਿਲਕੁਲ ਨੇੜੇ ਹੋ ਕੇ ਵਾਚਿਆ ਹੈ ਅਤੇ ਇਸ ਤੋਂ ਪ੍ਰਭਾਵਿਤ ਹੋ ਕੇ ਮੈਂ ਪਿੱਛਲੇ ਕਈ ਸਾਲਾਂ ਤੋਂ ਪੰਜਾਬੀ ਵਿੱਚ ਲਿਖ ਰਿਹਾ ਹਾਂ। ਪੰਜਾਬੀ ‘ਚ ਛਪੀ ਮੇਰੀ ਪਹਿਲੀ ਕਿਤਾਬ “ਮੈਂ ਤਾਂ ਮੈਂ ਹਾਂ” ਮੇਰੀਆਂ ਕੁਝ ਕਵਿਤਾਵਾਂ ਅਤੇ ਲੇਖਾਂ ਦਾ ਸੰਗ੍ਰਿਹ ਹੈ। ਹੁਣੇ ਹੁਣੇ ਮੇਰੀਆਂ ਦੋ ਹੋਰ ਕਿਤਾਬਾਂ, “ਸੰਤ ਗਿਆਨੀ ਅੱਲਮ ਪ੍ਰਭੂ” ਅਤੇ “ਜਗਤਗੁਰੂ ਬਸਵੱਨਾ” ਪੰਜਾਬ ਦੇ ਮਾਣਯੋਗ ਰਾਜਪਾਲ ਸ਼ਿਵਰਾਜ ਪਾਟਿਲ ਜੀ ਨੇ ਰਿਲੀਜ਼ ਕੀਤੀਆਂ ਹਨ। ਨੇੜਲੇ ਭਵਿਖ ‘ਚ ਪੰਜਬੀ ਵਿੱਚ ਹੋਰ ਲਿਖਣ ਦੇ ਸੁਆਲ ਦੇ ਜਵਾਬ ‘ਚ ਉਨ੍ਹਾਂ ਖੁਲਾਸਾ ਕੀਤਾ ਕਿ ਅੱਜ ਕਲ੍ਹ ਉਹ ਜਪੁ ਜੀ ਸਾਹਿਬ ਅਤੇ ਸੁਖਮਨੀ ਸਾਹਿਬ ਦਾ ਕੰਨੜ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਅਗਲੇ ਕੁਝ ਸਾਲਾਂ ਵਿੱਚ ਉਹ ਗੁਰੂ ਗੰਥ ਸਾਹਿਬ ਜੀ ਦਾ ਕੰਨੜ ਭਾਸ਼ਾ ਵਿੱਚ ਅਨੁਵਾਦ ਕਰਨ ਅਤੇ ਦੱਖਣ ਦੇ ਵਸਨੀਕਾਂ ਨੂੰ ਸਿੱਖ ਧਰਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਦਾਨ ਕਰਨ। ਸ਼ਾਲਾ, ਇਹ ਪੰਜਾਬੀ ਦਾ ਹਿਤੈਸ਼ੀ ਲੰਮੇਰੀ ਉਮਰ ਹੰਢਾਵੇ ਅਤੇ ਪੰਜਾਬੀ ਹਿੱਤ ਆਪਣੇ ਵਿੱਢੇ ਹੋਏ ਕਾਰਜਾਂ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹੇ।

 

ਜਾਣਕਾਰੀ ਦਿੱਤੀ ਤਾਂ ਸੁਮੇਧ ਸੈਣੀ ਦੀ ਜਾਨ ਨੂੰ ਹੋਵੇਗਾ ਖਤਰਾ

ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਜਨਰਲ ਸੁਮੇਧ ਸਿੰਘ ਸੈਣੀ ਦੇ ਵੱਖ-ਵੱਖ ਜ਼ਿਲਿਆਂ ਤੇ ਚੰਡੀਗੜ੍ਹ ਦੇ ਐਸ ਪੀ ਜਾਂ ਐਸ ਐਸ ਪੀ ਰਹਿੰਦੇ ਇਨ੍ਹਾਂ ਜ਼ਿਲਿਆਂ ‘ਚ ਪੁਲਸ ਮੁਠਭੇੜ ‘ਚ ਮਾਰੇ ਗਏ ਲੋਕਾਂ ਦੇ ਸਬੰਧ ‘ਚ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਸੈਣੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਹ ਕਹਿਣਾ ਹੈ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਸੂਚਨਾ ਅਧਿਕਾਰੀ ਦਾ। ਸੂਚਨਾ ਅਧਿਕਾਰੀ ਨੇ ਮੋਹਾਲੀ ਵਾਸੀ ਵਿਜੇ ਕੁਮਾਰ ਜੰਜੂਆ ਵਲੋਂ ਸੂਚਨਾ ਦਾ ਅਧਿਕਾਰ ਐਕਟ ਤਹਿਤ ਮੰਗੀ ਜਾਣਕਾਰੀ ‘ਚ ਇਹ ਜਵਾਬ ਦਿੱਤਾ ਹੈ। ਹੁਣ ਮਾਮਲਾ ਸੂਚਨਾ ਕਮਿਸ਼ਨ ਤੱਕ ਪਹੁੰਚ ਚੁੱਕਾ ਹੈ।

ਮਿਲੀ ਜਾਣਕਾਰੀ ਮੁਤਾਬਕ ਜੰਜੂਆ ਨੇ ਬੀਤੇ ਵਰ੍ਹੇ 20 ਮਈ ਨੂੰ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਸੁਪਰਡੈਂਟ ਤੇ ਸੂਚਨਾ ਅਧਿਕਾਰੀ ਤੋਂ ਹੇਠ ਲਿਖੇ 11 ਪੁਆਇੰਟਾਂ ‘ਤੇ ਜਾਣਕਾਰੀ ਮੰਗੀ ਸੀ:

* ਉਨ੍ਹਾਂ ਜ਼ਿਲਿਆਂ ਦੇ ਨਾਂ ‘ਤੇ ਸਮਾਂ ਸੀਮਾ, ਜਿਨ੍ਹਾਂ ‘ਚ ਸੁਮੇਧ ਸਿੰਘ ਸੈਣੀ ਦੀ ਐਸ ਪੀ ਜਾਂ ਐਸ ਐਸ ਪੀ ਦੇ ਰੂਪ ‘ਚ ਨਿਯੁਕਤੀ ਕੀਤੀ ਗਈ।
* ਇਨ੍ਹਾਂ ਜ਼ਿਲਿਆਂ ਦੇ ਪ੍ਰਮੁੱਖ ਰਹਿੰਦੇ ਹੋਏ ਉਨ੍ਹਾਂ ਖਾੜਕੂਆਂ, ਜਿਨ੍ਹਾਂ ਨੂੰ ਮੁਠਭੇੜ ‘ਚ ਮਾਰਿਆ ਗਿਆ, ਦੇ ਨਾਂ, ਪਿਤਾ ਦਾ ਨਾਂ ਤੇ ਪੂਰਾ ਪਤਾ।
* ਇਨ੍ਹਾਂ ਮੁਠਭੇੜਾਂ ਬਾਬਤ ਲਿਖੀ ਗਈ ਐਫ ਆਈ ਆਰ ਦੀ ਕਾਪੀ ਤੇ ਉਨ੍ਹਾਂ ਮਾਮਲਿਆਂ ਦੀ ਸੂਚੀ, ਜਿਨ੍ਹਾਂ ‘ਚ ਐਫ ਆਈ ਆਰ ਨਹੀਂ ਲਿਖੀ ਗਈ ਅਤੇ ਐਫ ਆਈ ਆਰ ਨਾ ਲਿਖੇ ਜਾਣ ਦਾ ਕਾਰਨ।
* ਸੈਣੀ ਦੇ ਜ਼ਿਲਾ ਪੁਲਸ ਮੁੱਖੀ ਰਹਿੰਦੇ ਹੋਏ ਹਿਰਾਸਤ ਤੋਂ ਭੱਜੇ ਖਾੜਕੂਆਂ ਦੇ ਨਾਂ, ਪਿਤਾ ਦਾ ਨਾਂ ਤੇ ਪਤਾ।
* ਇਨ੍ਹਾਂ ਸਾਰੇ ਮਾਮਲਿਆਂ ‘ਚ ਰਜਿਸਟਰਡ ਐਫ ਆਈ ਆਰ ਦੀ ਕਾਪੀ।
* ਮੁਠਭੇੜ ‘ਚ ਮਾਰੇ ਜਾਂ ਪੁਲਸ ਹਿਰਾਸਤ ਤੋਂ ਭੱਜੇ ਖਾੜਕੂਆਂ, ਜਿਨ੍ਹਾਂ ਬਾਬਤ ਐਫ ਆਈ ਆਰ ਦਰਜ ਕੀਤੀ ਗਈ ਸੀ, ਦੀ ਜਾਂਚ ਮੌਜੂਦਾ ਸਥਿਤੀ ਤੇ ਉਨ੍ਹਾਂ ਮਾਮਲਿਆਂ ਦੀ ਜਾਣਕਾਰੀ, ਜਿਨ੍ਹਾਂ ‘ਚ ਪੁਲਸ ਨੇ ਅਦਾਲਤ ‘ਚ ਸੀ ਆਰ ਪੀ ਸੀ ਦੀ ਧਾਰਾ 173 ਦੇ ਤਹਿਤ ਰਿਪੋਰਟ ਦਿੱਤੀ ਹੈ।
* ਸੈਣੀ ਦੇ ਜ਼ਿਲਾ ਮੁੱਖੀ ਰਹਿੰਦੇ ਐਕਸਟ੍ਰਾ ਜੁਡੀਸ਼ੀਅਲ ਕਿਲਿੰਗ ਦੀ ਪੂਰੀ ਸੂਚਨਾ ਤੇ ਵੇਰਵਾ।
* ਵੱਖ-ਵੱਖ ਖਾੜਕੂਆਂ ਦੇ ਸਿਰ ‘ਤੇ ਰੱਖੇ ਇਨਾਮ ਵਿੱਚੋਂ ਸੁਮੇਧ ਸਿੰਘ ਸੈਣੀ ਵਲੋਂ ਪ੍ਰਾਪਤ ਪੁਰਸਕਾਰ ਰਾਸ਼ੀ।
* ਕੀ ਕਿਸੇ ਅੱਤਵਾਦੀ ਨੂੰ ਮਾਰਨ ਲਈ ਸੈਣੀ ਨੂੰ ਕਦੇ ਬਹਾਦਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ? ਜੇ ਹਾਂ ਤਾਂ ਉਸ ਮੁਠਭੇੜ ਦਾ ਵੇਰਵਾ, ਜਿਸ ਦੇ ਲਈ ਸੈਣੀ ਨੂੰ ਪੁਰਸਕਾਰ ਰਾਸ਼ੀ ਜਾਂ ਬਹਾਦਰੀ ਪੁਰਸਕਾਰ ਦਿੱਤਾ ਗਿਆ ਅਤੇ ਜਾਂ ਬਹਾਦਰੀ ਪੁਰਸਕਾਰ ਦਿੱਤੇ ਜਾਣ ਦੀ ਸਿਫਾਰਸ਼।
* ਚੰਡੀਗੜ੍ਹ ਦੇ ਐਸ ਐਸ ਪੀ ਦੇ ਅਹੁਦੇ ‘ਤੇ ਰਹਿੰਦੇ ਹੋਏ ਸੈਣੀ ਵਲੋਂ ਸੈਨਾ ਦੇ ਕਰਨਲ ਦੀ ਕੁਟਾਈ ਦੀ ਜਾਂਚ ਰਿਪੋਰਟ ਤੇ ਸਰਕਾਰ ਵੱਲੋਂ ਸੈਣੀ ਦੇ ਖਿਲਾਫ ਇਸ ਮਾਮਲੇ ‘ਚ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ।
* ਇਸ ਮਾਮਲੇ ਦੇ ਬਾਅਦ ਸੈਣੀ ਦੀ ਏ ਸੀ ਆਰ ‘ਚ ਕੀਤੀ ਐਂਟਰੀ, ਜਿਸ ‘ਚ ਸੈਣੀ ਦੇ ਕਿਸੇ ਪਬਲਿਕ ਡੀਲਿੰਗ ਅਹੁਦੇ ‘ਤੇ ਨਿਯੁਕਤੀ ਮਨ੍ਹਾ ਕੀਤੀ ਗਈ ਸੀ, ਇਸ ਏ ਸੀ ਆਰ ਦੀ ਕਾਪੀ।

ਸੂਚਨਾ ਅਧਿਕਾਰੀ ਵਲੋਂ ਲਗਭਗ ਇਕ ਸਾਲ ਤੱਕ ਜੰਜੂਆ ਨੂੰ ਜਵਾਬ ਨਾ ਦਿੱਤੇ ਜਾਣ ਦੇ ਬਾਅਦ ਜੰਜੂਆ ਨੇ ਬੀਤੀ 25 ਅਗਸਤ ਨੂੰ ਰਾਜ ਸੂਚਨਾ ਕਮਿਸ਼ਨ ਦੇ ਸਾਹਮਣੇ ਸੂਚਨਾ ਦਾ ਅਧਿਕਾਰ ਐਕਟ ਦੀ ਧਾਰਾ 18 ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ ‘ਤੇ ਬੀਤੇ ਦਿਨੀਂ ਸੁਣਵਾਈ ਦੌਰਾਨ ਸੂਚਨਾ ਅਧਿਕਾਰੀ ਨੇ ਕਮਿਸ਼ਨ ਨੂੰ ਕਿਹਾ ਕਿ ਉਕਤ ਜਾਣਕਾਰੀ ਐਕਟ ਦੀ ਧਾਰਾ (1) (ਜੀ) ਦੇ ਤਹਿਤ ਛੋਟ ਪ੍ਰਾਪਤ ਹੈ, ਕਿਉਂਕਿ ਜੇ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਸੈਣੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਕਮਿਸ਼ਨ ਦੇ ਸੂਚਨਾ ਕਮਿਸ਼ਨਰ ਨੂੰ ਬੀ ਸੀ ਠਾਕੁਰ ਅਤੇ ਪੀ ਪੀ ਐਸ ਗਿੱਲ ਨੇ ਆਪਣੇ ਆਦੇਸ਼ ‘ਚ ਕਿਹਾ ਕਿ ਕਿਉਂਕਿ ਅਰਜ਼ੀਕਾਰ ਨੇ ਮੁੱਢਲੀ ਐਪਿਲੇਟ ਅਥਾਰਟੀ ਦਾ ਸਹਾਰਾ ਨਹੀਂ ਲਿਆ, ਇਸ ਲਈ ਕਮਿਸ਼ਨ ਨੇ ਪ੍ਰਥਮ ਐਪਿਲੇਟ ਅਥਾਰਟੀ ਤੇ ਪੰਜਾਬ ਸਰਕਾਰ ਦੇ ਪ੍ਰਧਾਨ ਸਕੱਤਰ ਗ੍ਰਹਿ ਤੇ ਨਿਆ ਡੀ ਐਸ ਬੈਂਸ ਨੂੰ ਜੰਜੂਆ ਦੀ ਐਪਲੀਕੇਸ਼ਨ ਭੇਜਦੇ ਹੋਏ ਇਹ ਨਿਰਦੇਸ਼ ਦਿੱਤੇ ਕਿ ਉਹ ਇਸ ਐਪਲੀਕੇਸ਼ਨ ਨੂੰ ਪਹਿਲੀ ਅਪੀਲ ਮੰਨਦੇ ਹੋਏ ਇਸ ਦਾ ਨਿਪਟਾਰਾ ਆਉਂਦੇ 30 ਦਿਨਾਂ ‘ਚ ਕਰਨ।

 

 Quick Links

For Information Call:

Rashpal Singh Jhutti

(647) 284-1966

Jatinder Singh Jaswal

(647) 219-6397

Avtar Singh Badyal

(416) 464-2067

Kuljit Singh Janjua

(416) 473-7283

Email:

info@chabbewal-mahilpur.com

 

© 2010 chabbewal-mahilpur.com. All Rights Reserved.
Website Designed & Developed by Pixclouds
Join Group Now