14ਵੀਂ ਚੱਬੇਵਾਲ-ਮਾਹਿਲਪੁਰ ਨਾਈਟ ਬੇਹੱਦ ਸਫਲ ਰਹੀ

ਟੌਰਾਂਟੋ (ਜੰਜੂਆ) – ਆਪਸੀ ਸਾਂਝ, ਪਿਆਰ ਮਹੁੱਬਤ ਅਤੇ ਅਪਣੱਤ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਲਈ ਚੱਬੇਵਾਲ ਅਤੇ ਮਾਹਿਲਪੁਰ ਏਰੀਏ ਨਾਲ ਸਬੰਧਤ ਪਰਿਵਾਰਾਂ ਨੇ ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ 9 ਮਈ ਨੂੰ ਮੂਨਲਾਈਟ ਬੈਂਕੁਅਟ ਹਾਲ, ਮਿਸੀਸਾਗਾ ਵਿਖੇ ਚੱਬੇਵਾਲ-ਮਾਹਿਲਪੁਰ ਏਰੀਆ ਐਸੋਸ਼ੀਏਸ਼ਨ ਦੇ ਬੈਨਰ ਥੱਲ੍ਹੇ 14ਵੀਂ ਸਾਲਾਨਾ ਨਾਈਟ ਦਾ ਆਯੋਜ਼ਨ ਕੀਤਾ।

ਨਾਈਟ ਦੀ ਸ਼ੁਰੂਆਤ ਠੀਕ ਅੱਠ ਵਜੇ ਕੈਨੇਡੀਅਨ ਨੈਸ਼ਨਲ ਐਨਥਮ ‘ਓ ਕੈਨੇਡਾ’ ਦੇ ਗਾਇਨ ਨਾਲ ਹੋਈ। ਸਟੇਜ ਸਕੱਤਰ ਦੀ ਸੇਵਾ ਸ: ਕੁਲਜੀਤ ਸਿੰਘ ਜੰਜੂਆ ਅਤੇ ਤਰਨਜੀਤ ਸਿੰਘ ਗੋਗਾ ਗਹੂਨੀਆਂ ਨੇ ਸਾਂਝੇ ਤੌਰ ਤੇ ਨਿਭਾਈ। ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਕੁਲਜੀਤ ਸਿੰਘ ਜੰਜੂਆ ਨੇ ਚੱਬੇਵਾਲ-ਮਾਹਿਲਪੁਰ ਏਰੀਆ ਐਸੋਸ਼ੀਏਸ਼ਨ ਦੇ ਚੇਅਰਮੈਨ ਜਥੇਦਾਰ ਅਵਤਾਰ ਸਿੰਘ ਬੈਂਸ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ। ਜਥੇਦਾਰ ਬੈਂਸ ਨੇ ਇਸ ਨਾਈਟ ਵਿਚ ਆਪਣੀ ਹਾਜਰੀ ਨਾਲ ਰੰਗਤ ਭਰਨ ਵਾਲੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਅਤੇ ਆਸ ਕੀਤੀ ਕਿ ਉਹਨਾਂ ਦੀ ਹਾਜ਼ਰੀ ਸਦਕਾ ਇਹ ਨਾਈਟ ਬਹੁਤ ਜ਼ਿਆਦਾ ਸਫਲ ਅਤੇ ਰੌਣਕ ਵਾਲੀ ਰਹੇਗੀ।

ਇਸ ਨਾਈਟ ਨੂੰ ਆਪਣੀ ਹਾਜਰੀ ਨਾਲ ਮੋਹ ਦਾ ਚਾਨਣ ਤਰੌਂਕਾ ਦੇਣ ਵਾਲਿਆਂ ਵਿੱਚ ਮਾਰਖ਼ਮ-ਯੂਨੀਅਨਵਿਲ ਤੋਂ ਲਿਬਰਲ ਐਮ ਪੀ ਜਾਹਨ ਮਕੱਲਮ, ਬਰੈਂਪਟਨ ਸਿਟੀ ਦੇ ਵਾਰਡ ਨੰਬਰ 9 ਅਤੇ 10 ਤੋਂ ਸਿਟੀ ਕੌਸਲਰ ਗੁਰਪ੍ਰੀਤ ਢਿੱਲੋਂ, ਅੰਕਲ ਦੁੱਗਲ, ਅਕਾਲ ਮੌਰਟਗੇਜ਼ਜ਼ ਤੋਂ ਮੋਹਿੰਦਰ ਪਾਲ ਸਿੰਘ, ਵਕੀਲ ਸੁਖਵਿੰਦਰ ਸਿੰਘ ਜੰਜੂਆ, ਇਨਸ਼ੋਰੈਂਸ ਬਰੋਕਰ ਪਿਆਰਾ ਸਿੰਘ ਕੁੱਦੋਵਾਲ, ਰੋਡ ਨਿਊਜ਼ ਰੰਗੋਲੀ ਰੇਡੀਉ ਤੋਂ ਅਮਨ ਪਰਮਾਰ ਅਤੇ ਉਂਕਾਰ ਜਸਵਾਲ, ਰੇਡੀਉ ਸਰਗਮ ਤੋਂ ਸੰਦੀਪ ਕੌਰ, ਵੱਖ-ਵੱਖ ਸਾਹਿਤਕ, ਖੇਡ ਅਤੇ ਸੱਭਿਆਚਾਰਕ ਜਥੇਬੰਦੀਆਂ ਅਤੇ ਗੁਰੁ ਘਰਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਸਲੇਵ ਲੇਕ (ਅਲਬਰਟਾ) ਵਿਸ਼ੇਸ਼ ਤੋਰ ਤੇ ਪਹੁੰਚੇ। ਐਸੋਸ਼ੀਏਸ਼ਨ ਵਲੋਂ ਇਨ੍ਹਾਂ ਸਾਰੇ ਹੀ ਮਹਿਮਾਨਾਂ ਦਾ ਨਾਈਟ ‘ਚ ਸ਼ਿਰਕਤ ਕਰਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਵਲੋਂ ਨਾਈਟ ਨੂੰ ਨੇਪਰੇ ਚਾੜ੍ਹਨ ਲਈ ਸਮੂਹ ਸਪਾਂਸਰਜ਼ ਵਲੋਂ ਮਿਲੇ ਸਹਿਯੋਗ ਸਦਕਾ ਉਨ੍ਹਾਂ ਨੂੰ ਵੀ ਪਲੈਕ ਦੇ ਕੇ ਸਨਮਾਨ ਕੀਤਾ ਗਿਆ।

ਕਲਚਰਲ ਪ੍ਰੋਗਰਾਮਾਂ ਦੀ ਕੜੀ ਵਿੱਚ ਨੱਚਦੀ ਜਵਾਨੀ ਗਰੁੱਪ ਦੀਆਂ ਭੰਗੜਾ ਅਤੇ ਗਿੱਧਾ ਟੀਮਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਭੰਗੜੇ ਅਤੇ ਗਿੱਧੇ ਦਾ ਪ੍ਰਦਰਸ਼ਨ ਕੀਤਾ ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਸਲਾਹਿਆ ਗਿਆ। ਬੱਚਿਆਂ, ਔਰਤਾਂ ਅਤੇ ਮਰਦਾਂ ਦੇ ‘ਮਿਊਜ਼ਕ ਚੇਅਰ ਮੁਕਾਬਲੇ’ ਵੀ ਹੋਏ। ‘ਸਿਰਜਨਹਾਰੀ ਜਾਗੋ ਟੀਮ’ ਵਲੋਂ ਪਰਮਜੀਤ ਕੌਰ ਦਿਓਲ ਅਤੇ ਸੁਰਜੀਤ ਕੌਰ ਦੇ ਨਿਰਦੇਸ਼ਨ ‘ਚ ਤਿਆਰ ਕੀਤੀ ਵਿਲੱਖਣ ਪੇਸ਼ਕਾਰੀ ‘ਜਾਗੋ’ ਨੇ ਐਸਾ ਨਜ਼ਾਰਾ ਬੰਨਿਆ ਕਿ ਬੀਬੀਆਂ ਭੈਣਾਂ ਆਪਣੇ ਕਦਮਾਂ ਉਤੇ ਕਾਬੂ ਨਾ ਪਾ ਸਕੀਆਂ ਅਤੇ ਇੱਕਠੀਆ ਹੋ ਪਿੜ ‘ਚ ਆਕੇ ਖ਼ੂਬ ਗਿੱਧਾ ਤੇ ਬੋਲੀਆਂ ਪਾਈਆਂ। ਠੀਕ ਦੱਸ ਵਜੇ ਡਾਂਸ ਫਲੋਰ ਖੋਲ੍ਹ ਦਿੱਤਾ ਗਿਆ ਤੇ ਸਾਰੇ ਮਹਿਮਾਨਾਂ ਨੇ ਨੱਚ-ਨੱਚ ਕੇ ਖੂਬ ਧਮਾਲਾਂ ਪਾਈਆਂ। ਮੂਨਲਾਈਟ ਬੈਂਕੁਅਟ ਹਾਲ ਦੇ ਸਟਾਫ਼ ਵਲੋਂ ਪਰੋਸੇ ਗਏ ਲਜ਼ੀਜ਼ ਖਾਣੇ ਦੇ ਬਿਹਤਰੀਨ ਪ੍ਰਬੰਧ ਵੀ ਨਾਈਟ ਦੀ ਸਫਲਤਾ ਨੂੰ ਚਾਰ ਚੰਨ ਲਾਏ।

ਅੰਤ ਵਿੱਚ ਐਸੋਸ਼ੀਏਸ਼ਨ ਦੇ ਪ੍ਰਧਾਨ ਸ਼ ਮੋਹਣ ਸਿੰਘ ਝੂਟੀ ਨੇ ਸਮੂਹ ਸਪਾਂਸਰਜ਼, ਮੀਡੀਆ ਅਤੇ ਇਸ ਰੰਗਾ-ਰੰਗ ਸੁਹਾਵਣੀ ਸ਼ਾਮ ਵਿਚ ਸ਼ਰੀਕ ਹੋਏ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟ ਕੀਤੀ ਕਿ ਉਹ ਸਾਰੇ ਪ੍ਰਬੰਧਕਾਂ ਨੂੰ ਇਸੇ ਤਰ੍ਹਾਂ ਹੀ ਮਿਲਵਰਤਣ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਰਹਿਣਗੇ ਤਾਂ ਜੋ ਇਸ ਨਾਈਟ ਨੂੰ ਅੱਗੇ ਤੋਂ ਹੋਰ ਵੀ ਚੰਗੇਰਾ ਬਣਾਇਆ ਜਾ ਸਕੇ। ਕੁਲ ਮਿਲਾ ਕੇ ਇਹ ਸ਼ਾਮ ਇੱਕ ਯਾਦਗਰੀ ਸ਼ਾਮ ਹੋ ਨਿਬੜੀ।

Leave a Reply